ਆਯੂਰਵੇਦ ਅਤੇ ਰੁੱਤਾਂ ਦਾ ਆਧਾਰ
ਸੂਰਜ, ਧਰਤੀ ਅਤੇ ਰੁੱਤਾਂ ਦਾ ਅਦਭੁਤ ਸੰਬੰਧ — ਆਯੂਰਵੇਦ ਦੀ ਨਜ਼ਰ ਤੋਂ
ਰੁੱਤਾਂ ਦਾ ਆਧਾਰ ਸੂਰਜ ਹੈ ਅਤੇ ਸੂਰਜ ਦੇ ਅਨੁਸਾਰ ਹੀ ਰੁੱਤਾਂ ਦੀ ਵੰਡ ਕੀਤੀ ਗਈ ਹੈ। ਆਯੂਰਵੇਦ ਵਿੱਚ ਪੂਰੇ ਸਾਲ ਨੂੰ 6-6 ਮਹੀਨੇ ਦੇ ਦੋ ਭਾਗਾਂ ਵਿੱਚ ਵੰਡਿਆਂ ਗਿਆ ਹੈ — ਜਿੰਨ੍ਹਾਂ ਨੂੰ ਆਇਨ ਆਖਦੇ ਹਨ।
ਇਸ ਵੰਡ ਦਾ ਆਧਾਰ ਧਰਤੀ ਦੀ ਕਰਕ ਰੇਖਾ ਅਤੇ ਮੱਕਰ ਰੇਖਾ ਦੀ ਤੁਲਨਾ ਵਿੱਚ ਸੂਰਜ ਦੀ ਸਥਿਤੀ ਹੈ। ਧਰਤੀ ਦੇ ਗਲੋਬ ਵਿੱਚ ਕਰਕਵ੍ਰਿੱਤ (Tropic of Cancer) ਅਤੇ ਮਕਰਵ੍ਰਿੱਤ (Tropic of Capricorn) ਦੀਆਂ ਰੇਖਾਵਾਂ ਸੂਰਜ ਦੀ ਗਤੀ ਦੀ ਸੀਮਾ ਦਰਸਾਉਂਦੀਆਂ ਹਨ।
ਦੋ ਆਇਨ — ਸਾਲ ਦੀ ਵੰਡ
☀️ ਉੱਤਰਆਇਨ
21 ਦਸੰਬਰ ਤੋਂ 21 ਜੂਨ ਤੱਕਦੇਸੀ ਮਹੀਨਿਆਂ ਅਨੁਸਾਰ ਮਾਘ ਤੋਂ ਹਾੜ੍ਹ ਤੱਕ। ਇਹਨਾਂ ਛੇ ਮਹੀਨਿਆਂ ਵਿੱਚ ਸੂਰਜ ਦੱਖਣੀ ਅਰਧ ਗੋਲੇ ਵਿੱਚ ਮੱਕਰ ਰੇਖਾ ਤੋਂ ਚੱਲ ਕੇ ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ ਤੱਕ ਦਾ ਸਫ਼ਰ ਤੈਅ ਕਰਦਾ ਹੈ।
🌿 ਦੱਖਣਆਇਨ
21 ਜੂਨ ਤੋਂ 21 ਦਸੰਬਰ ਤੱਕਦੇਸੀ ਮਹੀਨਿਆਂ ਅਨੁਸਾਰ ਸਾਉਣ ਤੋਂ ਪੋਹ ਤੱਕ। ਇਹਨਾਂ ਛੇ ਮਹੀਨਿਆਂ ਵਿੱਚ ਸੂਰਜ ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ ਤੋਂ ਚੱਲ ਕੇ ਦੱਖਣੀ ਅਰਧ ਗੋਲੇ ਵਿੱਚ ਮੱਕਰ ਰੇਖਾ ਤੱਕ ਦਾ ਸਫ਼ਰ ਤੈਅ ਕਰਦਾ ਹੈ।
ਉੱਤਰਆਇਨ (21 ਦਸੰਬਰ ਤੋਂ 21 ਜੂਨ ਤੱਕ)
ਜਿਸ ਦਿਨ ਸੂਰਜ ਮੱਕਰ ਰੇਖਾ (Tropic of Capricorn) ਤੇ ਹੁੰਦਾ ਹੈ ਉਸ ਦਿਨ ਨੂੰ ਮੱਕਰ ਸੰਕ੍ਰਾਂਤੀ ਭਾਵ ਮਾਘ ਮਹੀਨੇ ਦੀ ਸੰਗ੍ਰਾਦ ਆਖਦੇ ਹਨ। ਇਸ ਦਿਨ ਨੂੰ Winter Solstice ਜਾਂ ਦਸੰਬਰ Solstice ਵੀ ਆਖਦੇ ਹਨ।
ਜੋਤਿਸ਼ ਕੈਲੰਡਰ ਦੇ ਅਨੁਸਾਰ ਲੋਕ ਅੱਜ ਵੀ ਮੱਕਰ ਸੰਕ੍ਰਾਂਤੀ ਭਾਵ ਮਾਘ ਮਹੀਨੇ ਦੀ ਸੰਗ੍ਰਾਦ 14 ਜਨਵਰੀ ਨੂੰ ਮੰਨਾਉਂਦੇ ਹਨ ਜੋ ਕਿ ਬਿਲਕੁਲ ਵੀ ਤਰਕ ਸੰਗਤ ਨਹੀਂ ਹੈ। ਇਸ ਦਿਨ ਦੱਖਣਆਇਨ ਦੀ ਸਮਾਪਤੀ ਅਤੇ ਉੱਤਰਆਇਨ ਦਾ ਅਰੰਭ ਹੁੰਦਾ ਹੈ।
21 ਦਸੰਬਰ ਨੂੰ ਉੱਤਰੀ ਗੋਲਾਅਰਧ ਵਿੱਚ ਦਿਨ ਸਭ ਤੋਂ ਛੋਟਾ ਅਤੇ ਰਾਤ ਸਭ ਤੋਂ ਲੰਬੀ ਹੁੰਦੀ ਹੈ। ਅਤੇ 20 ਮਾਰਚ ਤੱਕ ਆਉਂਦੇ-ਆਉਂਦੇ ਦਿਨ-ਰਾਤ ਬਰਾਬਰ ਹੋ ਜਾਂਦੇ ਹਨ, ਕਿਉਂਕਿ ਇਸ ਸਮੇਂ ਸੂਰਜ ਦੀਆਂ ਕਿਰਨਾਂ ਠੀਕ ਭੂ-ਮੱਧ ਰੇਖਾ ਉੱਪਰ ਸਿੱਧੀਆਂ ਪੈਂਦੀਆਂ ਹਨ — ਇਸਨੂੰ EQUINOX ਆਖਦੇ ਹਨ।
ਉੱਤਰਆਇਨ ਦੀਆਂ 3 ਰੁੱਤਾਂ
- 1 ਸ਼ਿਸ਼ਿਰ ਰਿਤੂ — ਮਾਘ ਅਤੇ ਫੱਗਣ ਦੇ ਮਹੀਨੇ
- 2 ਬਸੰਤ ਰਿਤੂ — ਚੇਤ ਅਤੇ ਵਿਸਾਖ ਦੇ ਮਹੀਨੇ
- 3 ਗ੍ਰਿਸ਼ਮ ਰਿਤੂ — ਜੇਠ ਅਤੇ ਹਾੜ੍ਹ ਦੇ ਮਹੀਨੇ
ਦੱਖਣਆਇਨ (21 ਜੂਨ ਤੋਂ 21 ਦਸੰਬਰ ਤੱਕ)
ਜਿਸ ਦਿਨ ਸੂਰਜ ਕਰਕ ਰੇਖਾ (Tropic of Cancer) ਤੇ ਹੁੰਦਾ ਹੈ ਉਸ ਦਿਨ ਨੂੰ ਕਰਕ ਸੰਕ੍ਰਾਂਤੀ ਭਾਵ ਸਾਉਣ ਮਹੀਨੇ ਦੀ ਸੰਗ੍ਰਾਦ ਆਖਦੇ ਹਨ। ਇਸ ਦਿਨ ਨੂੰ Summer Solstice ਜਾਂ ਜੂਨ Solstice ਵੀ ਆਖਦੇ ਹਨ। ਇਸ ਦਿਨ ਉੱਤਰਆਇਨ ਦੀ ਸਮਾਪਤੀ ਅਤੇ ਦੱਖਣਆਇਨ ਦਾ ਅਰੰਭ ਹੁੰਦਾ ਹੈ।
ਕਰਕ ਸੰਕ੍ਰਾਂਤੀ ਦੇ ਦਿਨ, ਸੂਰਜ ਆਪਣੀ ਉੱਤਰੀ ਸਥਿਤੀ ਦੇ ਸਿਖਰਲੇ ਬਿੰਦੂ ਤੇ ਹੁੰਦਾ ਹੈ, ਜਿਵੇਂ ਕਿ ਧਰਤੀ ਤੋਂ ਦੇਖਿਆ ਜਾਂਦਾ ਹੈ। ਇਸ ਸਮੇਂ ਸੂਰਜ ਕਰਕ ਰੇਖਾ (Tropic of Cancer) ਦੇ ਬਿਲਕੁਲ ਉੱਪਰ ਚਮਕਦਾ ਹੈ। 21 ਸਤੰਬਰ ਤੱਕ ਆਉਂਦੇ-ਆਉਂਦੇ ਦਿਨ-ਰਾਤ ਬਰਾਬਰ ਹੋ ਜਾਂਦੇ ਹਨ — ਇਸਨੂੰ ਵੀ EQUINOX ਆਖਦੇ ਹਨ।
ਦੱਖਣਆਇਨ ਦੀਆਂ 3 ਰੁੱਤਾਂ
- 1 ਵਰਖਾ ਰੁਤ (Rainy) — ਸਾਉਣ ਅਤੇ ਭਾਦੋਂ ਦੇ ਮਹੀਨੇ
- 2 ਸ਼ਰਦ ਰੁਤ (Autumn) — ਅੱਸੂ ਅਤੇ ਕੱਤੇ ਦੇ ਮਹੀਨੇ
- 3 ਹੇਮੰਤ ਰੁਤ (Pre-winter) — ਮੱਘਰ ਅਤੇ ਪੋਹ ਦੇ ਮਹੀਨੇ
ਰੁੱਤਾਂ ਦਾ ਦੇਸੀ ਅਤੇ ਅੰਗਰੇਜ਼ੀ ਮਹੀਨਿਆਂ ਨਾਲ ਸਬੰਧ
| ਰੁੱਤ | ਦੇਸੀ ਮਹੀਨੇ | ਅੰਗਰੇਜ਼ੀ ਮਹੀਨੇ |
|---|---|---|
| 🌸 ਬਸੰਤ | ਚੇਤ ਅਤੇ ਵਿਸਾਖ | 20/21 ਫਰਵਰੀ ਤੋਂ 20/21 ਅਪ੍ਰੇੈਲ |
| ☀️ ਗ੍ਰਿਸ਼ਮ | ਜੇਠ ਅਤੇ ਹਾੜ੍ਹ | 20/21 ਅਪ੍ਰੈਲ ਤੋਂ 20/21 ਜੂਨ |
| 🌧️ ਵਰਖਾ | ਸਾਉਣ ਅਤੇ ਭਾਦੋਂ | 20/21 ਜੂਨ ਤੋਂ 20/21 ਅਗਸਤ |
| 🍂 ਸ਼ਰਦ | ਅੱਸੂ ਅਤੇ ਕੱਤਕ | 21 ਅਗਸਤ ਤੋਂ 20/21 ਅਕਤੂਬਰ |
| ❄️ ਹੇਮੰਤ | ਮੱਘਰ ਅਤੇ ਪੋਹ | 20/21 ਅਕਤੂਬਰ ਤੋਂ 20/21 ਦਿਸੰਬਰ |
| 🌨️ ਸ਼ਿਸ਼ਿਰ | ਮਾਘ ਅਤੇ ਫੱਗਣ | 20/21 ਦਸੰਬਰ ਤੋਂ 20/21 ਫਰਵਰੀ |
ਪਰ ਵੇਖਣ ਵਿੱਚ ਆਉਂਦਾ ਹੈ ਕਿ ਦੇਸੀ ਮਹੀਨਿਆਂ ਦੀ ਸ਼ੁਰੂਆਤ ਰੁੱਤਾਂ ਦੇ ਹਿਸਾਬ ਨਾਲ ਨਹੀਂ ਹੋ ਰਹੀ। ਇਸ ਦਾ ਕਾਰਨ ਹੈ ਕਿ ਸਾਡੇ ਕੈਲੰਡਰ ਦਾ ਆਧਾਰ ਤਾਰਾ ਮੰਡਲ ਅਤੇ ਨਕਸ਼ਤਰ ਹਨ। ਜਦੋਂ ਵੀ ਸੂਰਜ ਕਿਸੇ ਤਾਰਾ ਮੰਡਲ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦਿਨ ਨੂੰ ਹੀ ਮਹੀਨੇ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ — ਪਰ ਅਜੋਕੇ ਸਮੇਂ ਵਿੱਚ ਮਹੀਨੇ ਅਤੇ ਰੁੱਤਾਂ ਦੇ ਮਹੀਨੇ ਵਿੱਚ ਲਗਭਗ 23-24 ਦਿਨ ਦਾ ਫਰਕ ਆ ਗਿਆ ਹੈ।
ਦੋ ਖਗੋਲੀ ਪ੍ਰਣਾਲੀਆਂ
☀️ Tropical / Sayana
ਇਹ ਪ੍ਰਣਾਲੀ ਸੂਰਜ ਦੀ ਗਤੀ ਅਤੇ ਮੌਸਮਾਂ 'ਤੇ ਆਧਾਰਿਤ ਹੈ। ਇਹ ਪ੍ਰਣਾਲੀ ਅਸਮਾਨ ਦੇ ਅਸਲ ਤਾਰਿਆਂ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਇਹ ਗਣਨਾਯੋਗ (mathematical) ਹੈ। ਟਰੋਪੀਕਲ ਸਾਲ ਉਹ ਸਮਾਂ ਹੈ ਜੋ ਸੂਰਜ ਨੂੰ ਇੱਕ ਬਸੰਤ ਵਿਸੁਵ (Vernal Equinox) ਤੋਂ ਅਗਲੇ ਬਸੰਤ ਵਿਸੁਵ ਤੱਕ ਪਹੁੰਚਣ ਵਿੱਚ ਲੱਗਦਾ ਹੈ।
365 ਦਿਨ 5 ਘੰਟੇ 48 ਮਿੰਟ 45 ਸਕਿੰਟ⭐ Sidereal / Nirayana
ਇਹ ਪ੍ਰਣਾਲੀ ਅਸਲ ਤਾਰਿਆਂ ਦੀ ਸਥਿਤੀ 'ਤੇ ਆਧਾਰਿਤ ਹੈ। ਇਹ ਅਸਮਾਨ ਦੀ ਅਸਲ ਤਸਵੀਰ ਨੂੰ ਦਰਸਾਉਂਦੀ ਹੈ। ਸਾਈਡਰੀਅਲ ਸਾਲ ਉਹ ਸਮਾਂ ਹੈ ਜੋ ਸੂਰਜ ਨੂੰ ਕਿਸੇ ਅਸਲ ਤਾਰੇ ਦੇ ਸਾਪੇਖ ਆਪਣੀ ਪੂਰੀ ਪਰਿਕਰਮਾ ਕਰਨ ਵਿੱਚ ਲੱਗਦਾ ਹੈ।
365 ਦਿਨ 6 ਘੰਟੇ 9 ਮਿੰਟ 10 ਸਕਿੰਟ🔄 ਧੁਰੇ ਦਾ ਡੋਲਣ — Precession of Equinoxes
- ਸਮੇਂ ਦੇ ਨਾਲ ਰੁੱਤਾਂ ਅਤੇ ਰਾਸ਼ੀਆਂ ਵਿੱਚ 23-24 ਦਿਨਾਂ ਦਾ ਅੰਤਰ ਕਿਉਂ ਆ ਗਿਆ ਹੈ ਜਿਸ ਦਾ ਕਾਰਨ ਹੈ, ਪ੍ਰਿਥਵੀ ਦੇ ਧੁਰੇ ਦਾ ਡੋਲਣ।
- ਹਰ 72 ਸਾਲ ਵਿੱਚ ਧਰਤੀ ਦਾ ਧੁਰਾ 1 ਡਿਗਰੀ ਖਿਸਕਦਾ ਜਾਂਦਾ ਹੈ।
- ਲਗਭਗ 26000 ਸਾਲਾਂ ਵਿੱਚ ਧਰਤੀ ਦਾ ਧੁਰਾ 360 ਡਿਗਰੀ ਦਾ ਇੱਕ ਚੱਕਰ ਪੂਰਾ ਕਰਦਾ ਹੈ।
- ਜਦੋਂ ਭਾਰਤੀ ਜੋਤਿਸ਼ੀਆਂ ਨੇ ਸਾਈਡਰੀਅਲ ਪੱਧਤੀ ਬਣਾਈ ਸੀ (~285 ਈਸਵੀ ਦੇ ਕਰੀਬ), ਉਦੋਂ ਦੋਵੇਂ ਪੱਧਤੀਆਂ ਇੱਕੇ ਥਾਂ ਸਨ।
- ਉਦੋਂ ਤੋਂ ਹੁਣ ਤੱਕ ~1717 ਸਾਲਾਂ ਵਿੱਚ ਧਰਤੀ ਦਾ ਧੁਰਾ ~23° 51' ਖਿਸਕ ਗਿਆ।
- ਇਸ ਕਾਰਕੇ ਹੁਣ ਸਾਈਡਰੀਅਲ ਪੱਧਤੀ ਵਿੱਚ ਮਹੀਨਿਆਂ ਦਾ ਰੁੱਤਾਂ ਨਾਲ ਮੇਲ ਟੁੱਟ ਗਿਆ ਹੈ।